ਬਹਿਸਕਾਰ
ਤੇਜ਼-ਬੁੱਧੀ ਵਾਲੇ ਅਤੇ ਨਿਡਰ, ENTP ਵਿਅਕਤੀਤਵ ਕਿਸਮ ਵਾਲੇ ਲੋਕ (ਬਹਿਸਕਾਰ) ਮੌਜੂਦਾ ਸਥਿਤੀ ਨਾਲ ਅਸਹਿਮਤ ਹੋਣ ਤੋਂ ਨਹੀਂ ਡਰਦੇ। ਅਸਲ ਵਿੱਚ, ਉਹ ਲਗਭਗ ਕਿਸੇ ਵੀ ਚੀਜ਼ ਜਾਂ ਕਿਸੇ ਵੀ ਵਿਅਕਤੀ ਨਾਲ ਅਸਹਿਮਤ ਹੋਣ ਤੋਂ ਨਹੀਂ ਡਰਦੇ। ਬਹੁਤ ਘੱਟ ਚੀਜ਼ਾਂ ਇਨ੍ਹਾਂ ਵਿਅਕਤੀਤਵਾਂ ਨੂੰ ਥੋੜ੍ਹੀ ਜਿਹੀ ਜ਼ੁਬਾਨੀ ਨੋਕ-ਝੋਕ ਨਾਲੋਂ ਵੱਧ ਉਤਸ਼ਾਹਿਤ ਕਰਦੀਆਂ ਹਨ – ਅਤੇ ਜੇ ਗੱਲਬਾਤ ਵਿਵਾਦਪੂਰਨ ਖੇਤਰ ਵੱਲ ਮੁੜ ਜਾਵੇ, ਤਾਂ ਹੋਰ ਵੀ ਚੰਗਾ।
ਹਾਲਾਂਕਿ, ENTP ਲੋਕਾਂ ਨੂੰ ਝਗੜਾਲੂ ਜਾਂ ਬੁਰੀ ਨੀਅਤ ਵਾਲੇ ਸਮਝਣਾ ਇੱਕ ਗ਼ਲਤੀ ਹੋਵੇਗੀ। ਇਸ ਦੀ ਬਜਾਏ, ਇਸ ਵਿਅਕਤੀਤਵ ਕਿਸਮ ਵਾਲੇ ਲੋਕ ਗਿਆਨਵਾਨ ਅਤੇ ਜਿਗਿਆਸੂ ਹੁੰਦੇ ਹਨ, ਜਿਨ੍ਹਾਂ ਵਿੱਚ ਖਿਲੰਦੜਾ ਹਾਸ-ਰਸ ਹੁੰਦਾ ਹੈ, ਅਤੇ ਉਹ ਬੇਹੱਦ ਮਨੋਰੰਜਕ ਹੋ ਸਕਦੇ ਹਨ। ਬੱਸ ਮਜ਼ੇ ਬਾਰੇ ਉਨ੍ਹਾਂ ਦਾ ਵਿਚਾਰ ਕੁਝ ਵੱਖਰਾ ਅਤੇ ਉਲਟ-ਧਾਰਾ ਵਾਲਾ ਹੁੰਦਾ ਹੈ – ਅਜਿਹਾ ਜਿਸ ਵਿੱਚ ਆਮ ਤੌਰ 'ਤੇ ਜੋਸ਼ੀਲੀ ਬਹਿਸ ਦੀ ਚੰਗੀ-ਖ਼ਾਸੀ ਮਾਤਰਾ ਸ਼ਾਮਲ ਹੁੰਦੀ ਹੈ।
ਨਿਯਮਾਂ ਨੂੰ ਤੋੜਨਾ
ਅਸੁਰੱਖਿਅਤ, ਸੁਤੰਤਰ ਵਿਚਾਰਕ ਦੇ ਰਾਹ 'ਤੇ ਚੱਲੋ। ਆਪਣੇ ਵਿਚਾਰਾਂ ਨੂੰ ਵਿਵਾਦ ਦੇ ਖ਼ਤਰਿਆਂ ਦੇ ਸਾਹਮਣੇ ਰੱਖੋ।
ENTP ਲੋਕ ਆਪਣੀ ਬਾਗ਼ੀ ਪ੍ਰਵਿਰਤੀ ਲਈ ਜਾਣੇ ਜਾਂਦੇ ਹਨ। ਇਸ ਵਿਅਕਤੀਤਵ ਕਿਸਮ ਲਈ, ਕੋਈ ਵੀ ਵਿਸ਼ਵਾਸ ਇੰਨਾ ਪਵਿੱਤਰ ਨਹੀਂ ਕਿ ਉਸ 'ਤੇ ਸਵਾਲ ਨਾ ਉਠਾਇਆ ਜਾ ਸਕੇ, ਕੋਈ ਵੀ ਵਿਚਾਰ ਇੰਨਾ ਬੁਨਿਆਦੀ ਨਹੀਂ ਕਿ ਉਸ ਦੀ ਬਾਰੀਕੀ ਨਾਲ ਜਾਂਚ ਨਾ ਕੀਤੀ ਜਾ ਸਕੇ, ਅਤੇ ਕੋਈ ਵੀ ਨਿਯਮ ਇੰਨਾ ਮਹੱਤਵਪੂਰਨ ਨਹੀਂ ਕਿ ਉਸ ਨੂੰ ਤੋੜਿਆ ਜਾਂ ਘੱਟੋ-ਘੱਟ ਚੰਗੀ ਤਰ੍ਹਾਂ ਪਰਖਿਆ ਨਾ ਜਾ ਸਕੇ। ਇਸ ਕਰਕੇ ENTP ਵਿਅਕਤੀਤਵ ਹੱਦੋਂ ਵੱਧ ਲਾਪਰਵਾਹ ਜਾਂ ਵਿਦਰੋਹੀ ਲੱਗ ਸਕਦੇ ਹਨ, ਪਰ ਆਪਣੇ ਮੂਲ ਵਿੱਚ, ਹੱਦਾਂ ਨੂੰ ਪਰਖਣ ਦੀ ਉਨ੍ਹਾਂ ਦੀ ਜਨਮਜਾਤ ਪ੍ਰਵਿਰਤੀ ਦਾ ਸੰਬੰਧ ਨਵੀਨਤਾ ਅਤੇ ਬਦਲਾਅ ਦੀ ਉਨ੍ਹਾਂ ਦੀ ਇੱਛਾ ਨਾਲ ਵਧੇਰੇ ਹੈ।
ਉਨ੍ਹਾਂ ਦੀ ਨਜ਼ਰ ਵਿੱਚ, ਜ਼ਿਆਦਾਤਰ ਲੋਕ ਜੋ ਕਿਹਾ ਜਾਵੇ ਉਹ ਕਰਨ ਅਤੇ ਸਮਾਜਿਕ ਨਿਯਮਾਂ, ਦਬਾਵਾਂ ਅਤੇ ਮਿਆਰਾਂ ਦੀ ਅੰਨ੍ਹੇਵਾਹ ਪਾਲਣਾ ਕਰਨ ਲਈ ਲੋੜੋਂ ਵੱਧ ਤਿਆਰ ਰਹਿੰਦੇ ਹਨ। ENTP ਵਿਅਕਤੀਤਵ ਪ੍ਰਚਲਿਤ ਸੋਚ ਦੇ ਢੰਗ 'ਤੇ ਸਵਾਲ ਉਠਾਉਣ ਦੀ ਮਾਨਸਿਕ ਕਸਰਤ ਦਾ ਆਨੰਦ ਲੈਂਦੇ ਹਨ, ਅਤੇ ਉਨ੍ਹਾਂ ਨੂੰ ਕਮਜ਼ੋਰ ਮੰਨੇ ਜਾਂਦੇ ਪੱਖਾਂ ਅਤੇ ਲੀਹ ਤੋਂ ਹਟਵੇਂ ਲੋਕਾਂ ਦੇ ਮੁੱਲ ਨੂੰ ਉਜਾਗਰ ਕਰਨ ਵਿੱਚ ਇੱਕ ਖ਼ਾਸ ਖ਼ੁਸ਼ੀ ਮਿਲਦੀ ਹੈ। ਉਨ੍ਹਾਂ ਦਾ ਸਰਗਰਮ ਮਨ ਉਨ੍ਹਾਂ ਚੀਜ਼ਾਂ 'ਤੇ ਮੁੜ ਵਿਚਾਰ ਕੀਤੇ ਬਿਨਾਂ ਨਹੀਂ ਰਹਿ ਸਕਦਾ ਜਿਨ੍ਹਾਂ ਨੂੰ ਬਾਕੀ ਸਾਰੇ ਸੁਭਾਵਿਕ ਮੰਨ ਲੈਂਦੇ ਹਨ, ਅਤੇ ਉਨ੍ਹਾਂ ਨੂੰ ਚਤੁਰ ਨਵੀਆਂ ਦਿਸ਼ਾਵਾਂ ਵੱਲ ਲੈ ਜਾਂਦਾ ਹੈ।
ਹਾਲਾਂਕਿ ENTP ਲੋਕ ਵਿਚਾਰ-ਮੰਥਨ ਕਰਨਾ ਅਤੇ ਵੱਡਾ ਸੋਚਣਾ ਪਸੰਦ ਕਰਦੇ ਹਨ, ਇਹ ਵਿਅਕਤੀਤਵ ਆਪਣੇ ਵਿਚਾਰਾਂ ਨੂੰ ਲਾਗੂ ਕਰਨ ਦੇ “ਮਿਹਨਤ-ਮੁਸ਼ੱਕਤ ਵਾਲੇ ਕੰਮ” ਵਿੱਚ ਫਸਣ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹਨ, ਅਤੇ ਕਈ ਵਾਰ ਉਨ੍ਹਾਂ ਨੂੰ ਆਪਣੇ ਟੀਚਿਆਂ 'ਤੇ ਡਟੇ ਰਹਿਣ ਵਿੱਚ ਮੁਸ਼ਕਲ ਆਉਂਦੀ ਹੈ। ਕੁਝ ਹੱਦ ਤੱਕ, ਇਹ ਸਮਝ ਆਉਂਦਾ ਹੈ – ਉਨ੍ਹਾਂ ਕੋਲ ਇੰਨੇ ਜ਼ਿਆਦਾ ਵਿਚਾਰ ਅਤੇ ਸੁਝਾਅ ਹੁੰਦੇ ਹਨ ਕਿ ਉਨ੍ਹਾਂ ਸਾਰਿਆਂ ਦਾ ਹਿਸਾਬ ਰੱਖਣਾ ਵੀ ਔਖਾ ਹੈ, ਉਨ੍ਹਾਂ ਨੂੰ ਹਕੀਕਤ ਵਿੱਚ ਬਦਲਣਾ ਤਾਂ ਦੂਰ ਦੀ ਗੱਲ। ਪਰ ਜਦੋਂ ਤੱਕ ENTP ਲੋਕ ਆਪਣੀਆਂ ਤਰਜੀਹਾਂ ਦੀ ਪਛਾਣ ਕਰਨ ਅਤੇ ਅਸਲ ਵਿੱਚ ਉਨ੍ਹਾਂ ਨੂੰ ਪੂਰਾ ਕਰਨ ਦੀ ਇੱਛਾ ਵਿਕਸਿਤ ਨਹੀਂ ਕਰਦੇ, ਉਨ੍ਹਾਂ ਨੂੰ ਆਪਣੀ ਪੂਰੀ ਸਮਰੱਥਾ ਦਾ ਲਾਭ ਉਠਾਉਣ ਵਿੱਚ ਸੰਘਰਸ਼ ਕਰਨਾ ਪੈ ਸਕਦਾ ਹੈ।
ਉਲਟ ਰੁਖ਼ ਅਪਣਾਉਣ ਦੀ ਕੀਮਤ
ENTP ਲੋਕਾਂ ਦੀ ਬਹਿਸ ਕਰਨ ਦੀ ਸਮਰੱਥਾ ਮਸ਼ਹੂਰ ਹੈ, ਪਰ ਇਸ ਦਾ ਮਤਲਬ ਇਹ ਨਹੀਂ ਕਿ ਇਹ ਹਮੇਸ਼ਾਂ ਲਾਭਦਾਇਕ ਹੁੰਦੀ ਹੈ। ਜਦੋਂ ਉਹ ਮੀਟਿੰਗ ਵਿੱਚ ਖੁੱਲ੍ਹੇਆਮ ਆਪਣੇ ਬੌਸ 'ਤੇ ਸਵਾਲ ਉਠਾਉਂਦੇ ਹਨ ਜਾਂ ਆਪਣੇ ਜੀਵਨ ਸਾਥੀ ਦੀ ਹਰ ਗੱਲ ਵਿੱਚ ਨੁਕਸ ਕੱਢਦੇ ਹਨ, ਤਾਂ ਇਹ ਤਿੱਖੇ ਵਿਅਕਤੀਤਵ ਸ਼ਾਇਦ ਸੋਚਦੇ ਹੋਣ ਕਿ ਉਹ ਤਰਕਸੰਗਤਤਾ ਅਤੇ ਤਰਕ ਦੇ ਝੰਡਾਬਰਦਾਰ ਬਣ ਰਹੇ ਹਨ। ਪਰ ਹੋ ਸਕਦਾ ਹੈ ਕਿ ਉਹ ਆਪਣੀ ਸਫਲਤਾ ਅਤੇ ਖ਼ੁਸ਼ੀ ਦੀਆਂ ਸੰਭਾਵਨਾਵਾਂ ਨੂੰ ਲਾਭ ਨਾਲੋਂ ਵੱਧ ਨੁਕਸਾਨ ਪਹੁੰਚਾ ਰਹੇ ਹੋਣ।
ਹਰ ਮੌਕਾ ਇਸ ਵਿਅਕਤੀਤਵ ਕਿਸਮ ਦੇ ਸੁਭਾਵਿਕ ਵਿਰੋਧੀ ਰੁਖ਼ ਦੀ ਮੰਗ ਨਹੀਂ ਕਰਦਾ, ਅਤੇ ਜ਼ਿਆਦਾਤਰ ਲੋਕ ਆਪਣੇ ਵਿਸ਼ਵਾਸਾਂ 'ਤੇ ਸਵਾਲ ਉਠਾਏ ਜਾਣ ਅਤੇ ਆਪਣੀਆਂ ਭਾਵਨਾਵਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਨੂੰ ਇੱਕ ਹੱਦ ਤੱਕ ਹੀ ਸਹਿ ਸਕਦੇ ਹਨ। ਨਤੀਜੇ ਵਜੋਂ, ENTP ਲੋਕ ਦੇਖ ਸਕਦੇ ਹਨ ਕਿ ਉਨ੍ਹਾਂ ਦੀ ਝਗੜਾਲੂ ਮਸਤੀ ਕਈ ਰਿਸ਼ਤੇ ਤੋੜ ਦਿੰਦੀ ਹੈ, ਅਕਸਰ ਅਣਜਾਣੇ ਵਿੱਚ ਹੀ। ਇਨ੍ਹਾਂ ਵਿਅਕਤੀਤਵਾਂ ਦਾ ਉਨ੍ਹਾਂ ਦੀ ਦੂਰਦ੍ਰਿਸ਼ਟੀ, ਆਤਮਵਿਸ਼ਵਾਸ, ਗਿਆਨ ਅਤੇ ਤਿੱਖੇ ਹਾਸ-ਰਸ ਲਈ ਸਤਿਕਾਰ ਕੀਤਾ ਜਾਂਦਾ ਹੈ – ਪਰ ਜਦੋਂ ਤੱਕ ਉਹ ਥੋੜ੍ਹੀ ਜਿਹੀ ਸੰਵੇਦਨਸ਼ੀਲਤਾ ਨਹੀਂ ਵਿਕਸਿਤ ਕਰਦੇ, ਉਨ੍ਹਾਂ ਨੂੰ ਡੂੰਘੇ ਰਿਸ਼ਤੇ ਕਾਇਮ ਰੱਖਣ ਜਾਂ ਆਪਣੇ ਪੇਸ਼ੇਵਰ ਟੀਚੇ ਹਾਸਲ ਕਰਨ ਵਿੱਚ ਵੀ ਸੰਘਰਸ਼ ਕਰਨਾ ਪੈ ਸਕਦਾ ਹੈ।
ਸਮੇਂ ਦੇ ਨਾਲ, ਬਹੁਤ ਸਾਰੇ ENTP ਵਿਅਕਤੀਤਵ ਇਹ ਸਮਝ ਜਾਂਦੇ ਹਨ ਕਿ ਉਨ੍ਹਾਂ ਦੀ ਆਦਰਸ਼ ਜ਼ਿੰਦਗੀ ਵਿੱਚ ਹੋਰ ਲੋਕ ਵੀ ਸ਼ਾਮਲ ਹਨ ਅਤੇ ਬਹਿਸਾਂ “ਜਿੱਤਣ” 'ਤੇ ਬਹੁਤ ਜ਼ਿਆਦਾ ਊਰਜਾ ਖ਼ਰਚ ਕਰਨ ਦਾ ਮਤਲਬ ਆਖ਼ਰਕਾਰ ਆਪਣੇ ਆਪ ਨੂੰ ਉਸ ਸਹਾਰੇ ਤੋਂ ਵਾਂਝਾ ਕਰਨਾ ਹੈ ਜਿਸ ਦੀ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਲੋੜ ਹੈ। ਚੰਗੀ ਖ਼ਬਰ ਇਹ ਹੈ ਕਿ ਇਸ ਵਿਅਕਤੀਤਵ ਕਿਸਮ ਵਾਲੇ ਲੋਕ ਆਪਣੀ ਤਿੱਖੀ ਗ਼ੈਰ-ਰਵਾਇਤੀ ਧਾਰ ਕਦੇ ਨਹੀਂ ਗੁਆਉਣਗੇ। ਉਹ ਬੱਸ ਆਪਣੀ ਬੌਧਿਕ ਲਚਕ ਦੀ ਵਰਤੋਂ ਦੂਜਿਆਂ ਦੇ ਨਜ਼ਰੀਏ ਨੂੰ ਸਮਝਣ ਅਤੇ ਖੋਜਣ ਲਈ ਕਰ ਸਕਦੇ ਹਨ, ਤਰਕ ਅਤੇ ਤਰੱਕੀ ਦੇ ਨਾਲ-ਨਾਲ ਲਿਹਾਜ਼ ਅਤੇ ਸਮਝੌਤੇ ਦੇ ਮੁੱਲ ਨੂੰ ਪਛਾਣਦੇ ਹੋਏ।