ਪ੍ਰੋਟੈਗਨਿਸਟ
ਜਦੋਂ ਸਾਰੀ ਦੁਨੀਆ ਚੁੱਪ ਹੁੰਦੀ ਹੈ, ਤਾਂ ਇੱਕ ਆਵਾਜ਼ ਵੀ ਸ਼ਕਤੀਸ਼ਾਲੀ ਬਣ ਜਾਂਦੀ ਹੈ।
ENFJ ਵਿਅਕਤੀਤਵ ਕਿਸਮ ਵਾਲੇ ਲੋਕ (ਪ੍ਰੋਟੈਗਨਿਸਟ) ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨੂੰ ਜ਼ਿੰਦਗੀ ਵਿੱਚ ਕਿਸੇ ਵੱਡੇ ਉਦੇਸ਼ ਦੀ ਸੇਵਾ ਕਰਨ ਲਈ ਬੁਲਾਇਆ ਗਿਆ ਹੈ। ਵਿਚਾਰਸ਼ੀਲ ਅਤੇ ਆਦਰਸ਼ਵਾਦੀ, ENFJ ਦੂਜੇ ਲੋਕਾਂ ਅਤੇ ਆਪਣੇ ਆਲੇ-ਦੁਆਲੇ ਦੀ ਦੁਨੀਆ 'ਤੇ ਸਕਾਰਾਤਮਕ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ। ਇਹ ਵਿਅਕਤੀਤਵ ਸਹੀ ਕੰਮ ਕਰਨ ਦੇ ਮੌਕੇ ਤੋਂ ਘੱਟ ਹੀ ਪਿੱਛੇ ਹਟਦੇ ਹਨ, ਭਾਵੇਂ ਅਜਿਹਾ ਕਰਨਾ ਬਿਲਕੁਲ ਵੀ ਆਸਾਨ ਨਾ ਹੋਵੇ।
ENFJ ਜਨਮ ਤੋਂ ਹੀ ਆਗੂ ਹੁੰਦੇ ਹਨ, ਜਿਸ ਤੋਂ ਸਮਝ ਆਉਂਦਾ ਹੈ ਕਿ ਇਹ ਵਿਅਕਤੀਤਵ ਕਈ ਪ੍ਰਸਿੱਧ ਸਿਆਸਤਦਾਨਾਂ, ਕੋਚਾਂ ਅਤੇ ਅਧਿਆਪਕਾਂ ਵਿੱਚ ਕਿਉਂ ਮਿਲਦੇ ਹਨ। ਉਨ੍ਹਾਂ ਦਾ ਜਨੂੰਨ ਅਤੇ ਕਰਿਸ਼ਮਾ ਉਨ੍ਹਾਂ ਨੂੰ ਸਿਰਫ਼ ਆਪਣੇ ਕੈਰੀਅਰ ਵਿੱਚ ਹੀ ਨਹੀਂ, ਸਗੋਂ ਆਪਣੀ ਜ਼ਿੰਦਗੀ ਦੇ ਹਰ ਖੇਤਰ ਵਿੱਚ, ਰਿਸ਼ਤਿਆਂ ਸਮੇਤ, ਦੂਜਿਆਂ ਨੂੰ ਪ੍ਰੇਰਿਤ ਕਰਨ ਦੇ ਯੋਗ ਬਣਾਉਂਦਾ ਹੈ। ENFJ ਵਿਅਕਤੀਤਵ ਕਿਸਮ ਵਾਲੇ ਲੋਕਾਂ ਨੂੰ ਦੋਸਤਾਂ ਅਤੇ ਪਿਆਰਿਆਂ ਨੂੰ ਆਪਣਾ ਸਭ ਤੋਂ ਵਧੀਆ ਰੂਪ ਬਣਨ ਲਈ ਮਾਰਗਦਰਸ਼ਨ ਦੇਣ ਨਾਲੋਂ ਵੱਧ ਡੂੰਘੀ ਖੁਸ਼ੀ ਅਤੇ ਸੰਤੁਸ਼ਟੀ ਦਾ ਅਹਿਸਾਸ ਬਹੁਤ ਘੱਟ ਚੀਜ਼ਾਂ ਦਿੰਦੀਆਂ ਹਨ।
ਸਹੀ ਗੱਲ ਲਈ ਆਵਾਜ਼ ਉਠਾਉਣਾ
ENFJ ਆਮ ਤੌਰ 'ਤੇ ਆਪਣੇ ਮੁੱਲਾਂ ਬਾਰੇ ਖੁੱਲ੍ਹ ਕੇ ਬੋਲਦੇ ਹਨ, ਜਿਨ੍ਹਾਂ ਵਿੱਚ ਅਸਲੀਅਤ ਅਤੇ ਪਰਉਪਕਾਰ ਸ਼ਾਮਲ ਹਨ। ਜਦੋਂ ਉਨ੍ਹਾਂ ਨੂੰ ਕੋਈ ਚੀਜ਼ ਅਨਿਆਂਪੂਰਨ ਜਾਂ ਗ਼ਲਤ ਲੱਗਦੀ ਹੈ, ਤਾਂ ਉਹ ਆਵਾਜ਼ ਉਠਾਉਂਦੇ ਹਨ। ਪਰ ਉਹ ਘੱਟ ਹੀ ਰੁੱਖੇ ਜਾਂ ਧੱਕੇਸ਼ਾਹ ਜਾਪਦੇ ਹਨ, ਕਿਉਂਕਿ ਉਨ੍ਹਾਂ ਦੀ ਸੰਵੇਦਨਸ਼ੀਲਤਾ ਅਤੇ ਸੂਝ ਉਨ੍ਹਾਂ ਨੂੰ ਅਜਿਹੇ ਢੰਗ ਨਾਲ ਬੋਲਣ ਲਈ ਮਾਰਗਦਰਸ਼ਨ ਦਿੰਦੀ ਹੈ ਜੋ ਦੂਜਿਆਂ ਦੇ ਦਿਲ ਨੂੰ ਛੂੰਹਦਾ ਹੈ।
ENFJ ਵਿਅਕਤੀਤਵਾਂ ਕੋਲ ਨਾ ਸਿਰਫ਼ ਲੋਕਾਂ ਦੀਆਂ ਅੰਦਰੂਨੀ ਪ੍ਰੇਰਣਾਵਾਂ ਅਤੇ ਵਿਸ਼ਵਾਸਾਂ ਨੂੰ ਭਾਂਪ ਲੈਣ ਦੀ ਅਸਾਧਾਰਨ ਯੋਗਤਾ ਹੁੰਦੀ ਹੈ, ਸਗੋਂ ਸਿਰਫ਼ ਦੇਖ ਕੇ ਹੀ ਇਹ ਸਮਝ ਲੈਣ ਦਾ ਹੁਨਰ ਵੀ ਹੁੰਦਾ ਹੈ ਕਿ ਦੂਜੇ ਕੀ ਮਹਿਸੂਸ ਕਰ ਰਹੇ ਹਨ। ਕਈ ਵਾਰ ਤਾਂ ਉਹ ਖੁਦ ਵੀ ਨਹੀਂ ਸਮਝ ਪਾਉਂਦੇ ਕਿ ਉਹ ਕਿਸੇ ਹੋਰ ਵਿਅਕਤੀ ਦੇ ਮਨ ਅਤੇ ਦਿਲ ਨੂੰ ਇੰਨੀ ਜਲਦੀ ਕਿਵੇਂ ਸਮਝ ਲੈਂਦੇ ਹਨ। ਸੂਝ ਦੀਆਂ ਇਹ ਝਲਕਾਂ ENFJ ਨੂੰ ਬੇਹੱਦ ਪ੍ਰਭਾਵਸ਼ਾਲੀ ਅਤੇ ਪ੍ਰੇਰਨਾਦਾਇਕ ਸੰਚਾਰਕ ਬਣਾ ਸਕਦੀਆਂ ਹਨ।
ਇਸ ਵਿਅਕਤੀਤਵ ਕਿਸਮ ਦਾ ਗੁਪਤ ਹਥਿਆਰ ਉਨ੍ਹਾਂ ਦੀ ਨੀਅਤ ਦੀ ਸ਼ੁੱਧਤਾ ਹੈ। ਆਮ ਤੌਰ 'ਤੇ, ENFJ ਦੂਜੇ ਲੋਕਾਂ ਨਾਲ ਹੇਰਾਫੇਰੀ ਕਰਨ ਜਾਂ ਉਨ੍ਹਾਂ 'ਤੇ ਕਾਬੂ ਪਾਉਣ ਦੀ ਇੱਛਾ ਦੀ ਬਜਾਏ ਸਹੀ ਕੰਮ ਕਰਨ ਦੀ ਸੱਚੀ ਇੱਛਾ ਤੋਂ ਪ੍ਰੇਰਿਤ ਹੁੰਦੇ ਹਨ। ਜਦੋਂ ਉਹ ਕਿਸੇ ਨਾਲ ਅਸਹਿਮਤ ਹੁੰਦੇ ਹਨ, ਉਦੋਂ ਵੀ ਉਹ ਸਾਂਝਾ ਆਧਾਰ ਲੱਭਦੇ ਹਨ। ਨਤੀਜਾ ਇਹ ਹੁੰਦਾ ਹੈ ਕਿ ENFJ ਵਿਅਕਤੀਤਵ ਕਿਸਮ ਵਾਲੇ ਲੋਕ ਅਜਿਹੀ ਵਾਕਪਟੁਤਾ ਅਤੇ ਸੰਵੇਦਨਸ਼ੀਲਤਾ ਨਾਲ ਸੰਚਾਰ ਕਰ ਸਕਦੇ ਹਨ ਜਿਸ ਨੂੰ ਨਜ਼ਰਅੰਦਾਜ਼ ਕਰਨਾ ਲਗਭਗ ਅਸੰਭਵ ਹੁੰਦਾ ਹੈ – ਖ਼ਾਸ ਕਰਕੇ ਜਦੋਂ ਉਹ ਉਨ੍ਹਾਂ ਮਾਮਲਿਆਂ ਬਾਰੇ ਬੋਲਦੇ ਹਨ ਜੋ ਉਨ੍ਹਾਂ ਦੇ ਦਿਲ ਦੇ ਨੇੜੇ ਹਨ।
ਸ਼ਾਮਲ ਹੋਣਾ
ਜਦੋਂ ENFJ ਕਿਸੇ ਦੀ ਪਰਵਾਹ ਕਰਦੇ ਹਨ, ਤਾਂ ਉਹ ਉਸ ਵਿਅਕਤੀ ਦੀਆਂ ਸਮੱਸਿਆਵਾਂ ਹੱਲ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਨ – ਕਈ ਵਾਰ ਕਿਸੇ ਵੀ ਕੀਮਤ 'ਤੇ। ਚੰਗੀ ਗੱਲ ਇਹ ਹੈ ਕਿ ਬਹੁਤ ਸਾਰੇ ਲੋਕ ਇਸ ਸਹਾਇਤਾ ਅਤੇ ਸਲਾਹ ਲਈ ਸ਼ੁਕਰਗੁਜ਼ਾਰ ਹੁੰਦੇ ਹਨ। ਆਖ਼ਿਰਕਾਰ, ਇਸਦਾ ਕੋਈ ਕਾਰਨ ਹੈ ਕਿ ਇਨ੍ਹਾਂ ਵਿਅਕਤੀਤਵਾਂ ਦੀ ਦੂਜਿਆਂ ਦੀ ਜ਼ਿੰਦਗੀ ਸੁਧਾਰਨ ਵਿੱਚ ਮਦਦ ਕਰਨ ਲਈ ਸਾਖ ਬਣੀ ਹੋਈ ਹੈ।
ਪਰ ਦੂਜੇ ਲੋਕਾਂ ਦੀਆਂ ਸਮੱਸਿਆਵਾਂ ਵਿੱਚ ਸ਼ਾਮਲ ਹੋਣਾ ਹਮੇਸ਼ਾਂ ਸਫਲਤਾ ਦਾ ਨੁਸਖ਼ਾ ਨਹੀਂ ਹੁੰਦਾ। ENFJ ਕੋਲ ਆਮ ਤੌਰ 'ਤੇ ਇਸ ਬਾਰੇ ਸਪਸ਼ਟ ਨਜ਼ਰੀਆ ਹੁੰਦਾ ਹੈ ਕਿ ਲੋਕ ਆਪਣੇ ਆਪ ਨੂੰ ਬਿਹਤਰ ਬਣਾਉਣ ਲਈ ਕੀ ਕਰ ਸਕਦੇ ਹਨ ਜਾਂ ਕੀ ਕਰਨਾ ਚਾਹੀਦਾ ਹੈ, ਪਰ ਹਰ ਕੋਈ ਉਹ ਬਦਲਾਅ ਕਰਨ ਲਈ ਤਿਆਰ ਨਹੀਂ ਹੁੰਦਾ। ਜੇ ਉਹ ਬਹੁਤ ਜ਼ਿਆਦਾ ਜ਼ੋਰ ਪਾਉਂਦੇ ਹਨ, ਤਾਂ ਉਨ੍ਹਾਂ ਦੇ ਪਿਆਰੇ ਨਾਰਾਜ਼ਗੀ ਮਹਿਸੂਸ ਕਰ ਸਕਦੇ ਹਨ ਜਾਂ ਇਹ ਮਹਿਸੂਸ ਕਰ ਸਕਦੇ ਹਨ ਕਿ ਉਨ੍ਹਾਂ ਬਾਰੇ ਗ਼ਲਤ ਰਾਇ ਬਣਾਈ ਜਾ ਰਹੀ ਹੈ। ਅਤੇ ਹਾਲਾਂਕਿ ਇਹ ਵਿਅਕਤੀਤਵ ਕਿਸਮ ਆਪਣੀ ਸੂਝ ਲਈ ਜਾਣੀ ਜਾਂਦੀ ਹੈ, ਸਭ ਤੋਂ ਸਿਆਣੇ ENFJ ਵੀ ਕਈ ਵਾਰ ਕਿਸੇ ਸਥਿਤੀ ਨੂੰ ਗ਼ਲਤ ਸਮਝ ਸਕਦੇ ਹਨ ਜਾਂ ਅਣਜਾਣੇ ਵਿੱਚ ਮਾੜੀ ਸਲਾਹ ਦੇ ਸਕਦੇ ਹਨ।
ਰਾਹ ਦਿਖਾਉਣਾ
ਇਸ ਵਿਅਕਤੀਤਵ ਕਿਸਮ ਵਾਲੇ ਲੋਕ ਸਮਰਪਿਤ ਪਰਉਪਕਾਰੀ ਹੁੰਦੇ ਹਨ, ਜੋ ਉਨ੍ਹਾਂ ਲੋਕਾਂ ਅਤੇ ਵਿਚਾਰਾਂ ਲਈ ਡਟ ਕੇ ਖੜ੍ਹੇ ਹੋਣ ਵਾਸਤੇ ਹਰ ਤਰ੍ਹਾਂ ਦੇ ਹਮਲੇ ਝੱਲਣ ਲਈ ਤਿਆਰ ਰਹਿੰਦੇ ਹਨ ਜਿਨ੍ਹਾਂ ਵਿੱਚ ਉਹ ਵਿਸ਼ਵਾਸ ਰੱਖਦੇ ਹਨ। ਦ੍ਰਿੜ੍ਹ ਵਿਸ਼ਵਾਸ ਦੀ ਇਹ ਤਾਕਤ ਇੱਕ ENFJ ਦੀ ਦੂਜਿਆਂ ਨੂੰ ਸਾਂਝੇ ਭਲੇ ਦੀ ਸੇਵਾ ਵਿੱਚ ਮਿਲ ਕੇ ਕੰਮ ਕਰਨ ਲਈ ਮਾਰਗਦਰਸ਼ਨ ਦੇਣ ਦੀ ਯੋਗਤਾ ਨੂੰ ਮਜ਼ਬੂਤ ਕਰਦੀ ਹੈ।
ਪਰ ਉਨ੍ਹਾਂ ਦਾ ਸਭ ਤੋਂ ਵੱਡਾ ਤੋਹਫ਼ਾ ਅਸਲ ਵਿੱਚ ਆਪਣੀ ਮਿਸਾਲ ਰਾਹੀਂ ਅਗਵਾਈ ਕਰਨਾ ਹੋ ਸਕਦਾ ਹੈ। ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਵਿੱਚ, ENFJ ਦਿਖਾਉਂਦੇ ਹਨ ਕਿ ਦੇਖਣ ਵਿੱਚ ਆਮ ਲੱਗਣ ਵਾਲੀਆਂ ਸਥਿਤੀਆਂ ਨੂੰ ਵੀ ਦਇਆ, ਸਮਰਪਣ ਅਤੇ ਪਰਵਾਹ ਨਾਲ ਕਿਵੇਂ ਨਜਿੱਠਿਆ ਜਾ ਸਕਦਾ ਹੈ। ਇਨ੍ਹਾਂ ਵਿਅਕਤੀਤਵਾਂ ਲਈ, ਰੋਜ਼ ਦੀਆਂ ਛੋਟੀਆਂ ਤੋਂ ਛੋਟੀਆਂ ਚੋਣਾਂ ਅਤੇ ਕਾਰਵਾਈਆਂ ਵੀ – ਉਹ ਆਪਣਾ ਵੀਕਐਂਡ ਕਿਵੇਂ ਬਿਤਾਉਂਦੇ ਹਨ ਤੋਂ ਲੈ ਕੇ ਮੁਸ਼ਕਲ ਵਿੱਚ ਘਿਰੇ ਕਿਸੇ ਸਹਿਕਰਮੀ ਨੂੰ ਉਹ ਕੀ ਕਹਿੰਦੇ ਹਨ ਤੱਕ – ਇੱਕ ਉੱਜਵਲ ਭਵਿੱਖ ਵੱਲ ਰਾਹ ਦਿਖਾਉਣ ਦਾ ਮੌਕਾ ਬਣ ਸਕਦੀਆਂ ਹਨ।